ਸਵਾਗਤ

ਵਸਣਾ

ਅਸੀਂ ਤੁਹਾਨੂੰ ਭੇਤ ਵਾਲੀ ਇੱਕ ਨਿੱਕੀ ਜਿਹੀ ਗੱਲ ਦੱਸਣ ਲੱਗੇ ਹਾਂ… ਦੱਖਣੀ-ਪੂਰਬੀ ਓਨਟੇਰੀਓ ਦੇ Bay of Quinte (ਬੇਅ ਆਫ਼ ਕੁਇੰਟੀ) ਖੇਤਰ ਵਿੱਚ ਜ਼ਿੰਦਗੀ ਜਿੰਨ੍ਹੀ ਵਧੀਆ ਹੈ, ਇਸ ਤੋਂ ਹੋਰ ਵਧੀਆ ਨਹੀਂ ਹੋ ਸਕਦੀ। ਅਸੀਂ ਕੈਨੇਡਾ ਦੀਆਂ ਸਭ ਤੋਂ ਵੱਧ ਰਾਜ਼ ਵਾਲੀਆਂ ਗੱਲਾਂ ਵਿੱਚੋਂ ਇੱਕ ਹਾਂ। ਪਰ ਕੋਈ ਗੱਲ ਨਹੀਂ ਜੇ ਤੁਸੀਂ ਹੋਰਨਾ ਨੂੰ ਵੀ ਦੱਸ ਦਿਉਂ। ਅਸੀਂ ਤੁਹਾਨੂੰ ਦੋਸ਼ ਨਹੀਂ ਦਿਆਂਗੇ।

ਬੇਅ ਆਫ਼ ਕੁਇੰਟੀ ਖੇਤਰ ਦਿਹਾਤੀ ਅਤੇ ਸ਼ਹਿਰੀ ਜੀਵਨ, ਆਲਮੀ ਪੱਧਰ ਦੀਆਂ ਸਹੂਲਤਾਂ, ਸਿਰਕੱਢਵੀਆਂ ਕੁਦਰਤੀ ਸੈਰਗਾਹਾਂ ਅਤੇ ਰੁਜ਼ਗਾਰ-ਪੰਧ ਦੇ ਅਵਸਰਾਂ ਦਾ ਮੁਕੰਮਲ ਸੁਮੇਲ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਅਸੀਂ ਉੱਤਰੀ ਅਮਰੀਕਾ ਦੇ ਅਨੇਕਾਂ ਬਹੁਤ ਹਰਮਨ-ਪਿਆਰੇ ਸ਼ਹਿਰਾਂ ਦੇ ਵਿਚਕਾਰ ਸਥਿਤ ਹਾਂ।

ਬੇਅ ਆਫ਼ ਕੁਇੰਟੀ ਖੇਤਰ ਵਿੱਚ ਜੀਵਨ ਦਾ ਮਤਲਬ ਹੈ ਖਰੀਦੋ-ਫਰੋਖ਼ਤ, ਖਾਣ-ਪੀਣ, ਸਕੂਲਾਂ ਅਤੇ ਮਨੋਰੰਜਨ ਵਰਗੀਆਂ ਸ਼ਹਿਰੀ ਸਹੂਲਤਾਂ ਦੇ ਨਾਲ-ਨਾਲ ਅਨੇਕਾਂ ਝੀਲਾਂ, ਜੰਗਲਾਂ, ਤਟਾਂ ਅਤੇ ਹੋਰ ਕੁਦਰਤੀ ਆਕਰਸ਼ਣਾਂ ਦੀ ਨਜ਼ਦੀਕੀ।

ਸਾਡੀਆਂ ਚਾਰਾਂ ਹੀ ਸਪਸ਼ਟ ਰੁੱਤਾਂ ਵਿੱਚ ਅਸੀਂ ਸਰਗਰਮੀਆਂ ਮਾਣਦੇ ਹਾਂ ਅਤੇ ਇਸ ਨਿਰਾਲੇ ਨਗਰ ਵਿੱਚ ਅਲੱਗ-ਅਲੱਗ ਸੱਭਿਆਚਾਰਾਂ ਦੇ ਸਮੂਹਾਂ ਦਾ ਅਸੀਂ ਸਵਾਗਤ ਕੀਤਾ ਹੈ।

ਬੇਅ ਆਫ਼ ਕੁਇੰਟੀ ਖੇਤਰ ਕੈਨੇਡੀਅਨ ਫੌਜਾਂ ਦੀ ਸਭ ਤੋਂ ਵੱਡੀ ਛਾਉਣੀ ਅਤੇ ਅਨੇਕਾਂ ਹੀ Fortune (ਫਾਰਚੂਨ) 500 ਰੁਜ਼ਗਾਰਦਾਤਾਵਾਂ ਦਾ ਘਰ ਹੈ। ਅਸੀਂ ਆਲਮੀ-ਪੱਧਰ ਦੇ ਥਿਏਟਰਾਂ, ਅਜਾਇਬ-ਘਰਾਂ, ਕਲਾ ਭਵਨਾਂ ਅਤੇ ਰੈਸਟੋਰੈਂਟਾਂ ਦਾ ਆਨੰਦ ਮਾਣਦੇ ਹਾਂ ਅਤੇ ਆਪਣੇ ਨਗਰ ਵਿੱਚ ਤੁਹਾਡਾ ਸਵਾਗਤ ਕਰਨ ਦੀ ਤਾਂਘ ਰੱਖਦੇ ਹਾਂ।

ਬੇਅ ਆਫ਼ ਕੁਇੰਟੀ ਖੇਤਰ ਵਿੱਚ ਨਿਵਾਸੀਆਂ ਕੋਲ ਵਿਕਰੀ ਅਤੇ ਕਿਰਾਏ ਵਾਲੇ ਦਿਹਾਤੀ ਫਾਰਮ ਹਾਊਸਾਂ ਤੋਂ ਲੈ ਕੇ ਸਿੰਗਲ ਫੈਮਿਲੀ, ਸੈਮੀ-ਡਿਟੈਚਡ, ਅਤੇ ਅਪਾਰਟਮੈਂਟਾਂ ਸਮੇਤ ਸ਼ਹਿਰੀ ਮਕਾਨਾਂ ਤਕ ਦੇ ਰਿਹਾਇਸ਼ ਦੇ ਅਨੇਕਾਂ ਹੀ ਵਿਕਲਪ ਹਨ।

ਬੇਅ ਆਫ਼ ਕੁਇੰਟੀ ਖੇਤਰ ਬੈੱਲਵਿਲ, ਕੁਇੰਟੀ ਵੈਸਟ ਅਤੇ ਪ੍ਰਿੰਸ ਐਡਵਰਡ ਕਾਊਂਟੀ ਸਮੇਤ ਅਨੇਕਾਂ ਹੀ ਨਗਰਾਂ ਦਾ ਬਣਿਆ ਹੋਇਆ ਹੈ ਜਿਨ੍ਹਾਂ ਵਿੱਚੋਂ ਹਰ ਇੱਕ ਵਿੱਚ ਤੁਹਾਡੇ ਵੱਲੋਂ ਘੁੰਮ-ਫਿਰ ਕੇ ਵੇਖਣ ਅਤੇ ਆਨੰਦ ਮਾਨਣ ਲਈ ਨਿਰਾਲੇ ਮੁਹੱਲੇ ਅਤੇ ਆਕਰਸ਼ਣ ਮੌਜੂਦ ਹਨ।

ਬੈੱਲਵਿਲ (Belleville)

ਬੈੱਲਵਿਲ ਬੇਅ ਆਫ਼ ਕੁਇੰਟੀ ਖੇਤਰ ਦਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ ਅਤੇ ਇਸ ਵਿੱਚ 50,000 ਲੋਕ ਵਸਦੇ ਹਨ।

ਬੈੱਲਵਿਲ ਨੂੰ "ਦੋਸਤਾਨਾ ਸ਼ਹਿਰ" ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਭਾਈਚਾਰਾ ਸਥਾਪਤ, ਇਤਿਹਾਸਕ ਮੁਹੱਲਿਆਂ ਅਤੇ ਨਵੀਆਂ ਨਕੋਰ ਸਬ-ਡਿਵੀਯਨਾਂ ਸਮੇਤ ਸ਼ਹਿਰੀ ਅਤੇ ਦਿਹਾਤੀ ਰਿਹਾਇਸ਼ੀ ਅਵਸਰਾਂ ਦਾ ਮਨਮੋਹਕ, ਆਕਰਸ਼ਕ ਸੁਮੇਲ ਹੈ।

ਬੈੱਲਵਿਲ ਵਿੱਚ ਸੁੰਦਰ ਕੁਦਰਤੀ ਥਾਵਾਂ ਅਤੇ ਪਾਣੀ ਕੰਢੇ ਬਣੀਆਂ ਪਗਡੰਡੀਆਂ ਸਹਿਤ ਦੁਕਾਨਾਂ, ਰੈਸਟੋਰੈਂਟਾਂ ਅਤੇ ਰਹਿਣ ਦੀਆਂ ਥਾਵਾਂ ਦੀ ਇੱਕ ਵੱਡੀ ਵੰਨਗੀ ਹੈ। ਸੱਭਿਆਚਾਰਕ ਆਕਰਸ਼ਣਾਂ, ਆਲਮੀ-ਪੱਧਰ ਦੀਆਂ ਮੱਛੀਆਂ ਫੜ੍ਹਨ ਦੀਆਂ ਸਹੂਲਤਾਂ, ਕਿਸ਼ਤੀਆਂ ਚਲਾਉਣ ਅਤੇ ਗੌਲਫ ਦੀ ਵੀ ਇੱਕ ਵੱਡੀ ਵੰਨਗੀ ਮੌਜੂਦ ਹੈ। ਇਸ ਸ਼ਹਿਰ ਵਿੱਚ ਪਰਿਵਾਰਾਂ ਪ੍ਰਤੀ ਸੇਧੀਆਂ ਮਨੋਰੰਜਨ ਦੀਆਂ ਸਹੂਲਤਾਂ ਕਿਸੇ ਹੋਰ ਤੋਂ ਘੱਟ ਨਹੀਂ ਅਤੇ ਇਨ੍ਹਾਂ ਵਿੱਚ ਤੈਰਾਕੀ ਦੇ ਤਲਾਅ, ਖੇਡ ਦੇ ਮੈਦਾਨ, ਆਈਸ-ਰਿੰਕ, ਸਪਲੈਸ਼ ਪੈਡ ਅਤੇ ਹੋਰ ਬਹੁਤ ਕੁਝ ਹੈ।

ਕੁਇੰਟੀ ਸਪੋਰਟਸ ਐਂਡ ਵੈੱਲਨੈੱਸ ਸੈਂਟਰ ਬੈੱਲਵਿਲ ਦੇ ਉੱਤਰੀ ਪਾਸੇ ਹਾਈਵੇ 41 ਨੇੜ੍ਹੇ ਸਥਿਤ ਅਤਿ-ਆਧੁਨਿਕ ਖੇਡ ਅਤੇ ਮਨੋਰੰਜਨ ਦੀਆਂ ਸਹੂਲਤਾਂ ਵਾਲਾ ਅਦਾਰਾ ਹੈ।

ਬੈੱਲਵਿਲ ਨਗਰ ਪਾਲਿਕਾ ਵਿੱਚ ਦਿਹਾਤੀ ਫੌਕਸਬੋਰੋ, ਕੋਰਬੀਵਿਲ, ਪਲੇਨਫੀਲਡ ਅਤੇ ਰੌਸਲਿਨ ਹੈਮਲੈੱਟ ਸ਼ਾਮਲ ਹਨ।

ਖੇਤਰ ਦਾ ਸਭ ਤੋਂ ਵੱਡਾ ਹਸਪਤਾਲ ਬੈੱਲਵਿਲ ਵਿੱਚ ਹੀ ਸਥਿਤ ਹੈ ਅਤੇ ਇੱਥੇ ਬਹੁਤੀਆਂ ਸਰਕਾਰੀ ਅਤੇ ਖੇਤਰੀ ਸੇਵਾਵਾਂ ਵੀ ਉਪਲਬਧ ਹਨ।

ਕੁਇੰਟੀ ਵੈਸਟ (Quinte West)

ਕੁਇੰਟੀ ਵੈਸਟ, ਜਿੱਥੇ 43,000 ਲੋਕ ਵਸਦੇ ਹਨ, ਈਸਟਰਨ ਓਨਟੇਰੀਓ ਦੇ ਅਜਿਹੇ ਇਲਾਕੇ ਵਿੱਚ ਸਥਿਤ ਹੈ ਜੋ ਆਪਣੀ ਕੁਦਰਤੀ ਖੂਬਸੂਰਤੀ ਅਤੇ ਡੂੰਘੇ ਇਤਿਹਾਸਕ ਅਤੇ ਫੌਜੀ ਪਿਛੋਕੜ ਲਈ ਜਾਣਿਆ ਜਾਂਦਾ ਹੈ। ਟਰੈਂਟਨ, ਫਰੈਂਕਫਰਡ, ਮੁਰੇ ਅਤੇ ਸਿਡਨੀ ਦੇ ਆਪਣੇ ਚਾਰ ਵਾਰਡਾਂ ਸਮੇਤ ਇਹ ਸ਼ਹਿਰ ਬੇਅ ਆਫ਼ ਕੁਇੰਟੀ ਖੇਤਰ ਦੇ ਬਿਲਕੁਲ ਵਿਚਕਾਰ, ਜਿੱਥੇ ਦੁਨੀਆਂ ਭਰ ਵਿੱਚ ਮਸ਼ਹੂਰ ਟਰੈਂਟ-ਸੈਵਰਨ ਵਾਟਰਵੇਅ ਹੈ, ਸਥਿਤ ਹੈ। ਮਨੋਹਰ ਕੁਦਰਤੀ ਗੁਣਾਂ ਦੇ ਨਾਲ ਇੱਕ ਮਜਬੂਤ, ਥਿਰਕਦਾ ਅਤੇ ਭਿੰਨਤਾ-ਭਰਪੂਰ ਆਰਥਿਕ ਆਧਾਰ ਵੀ ਮੌਜੂਦ ਹੈ।

ਦਿਹਾਤੀ ਅਤੇ ਸ਼ਹਿਰੀ, ਦੋਵੇਂ ਤਰ੍ਹਾਂ ਦੇ ਭੂ-ਦ੍ਰਿਸ਼ਾਂ ਦੇ ਆਪਣੇ ਨਿਰਾਲੇ ਸੁਮੇਲ ਵਾਲੇ ਇਸ ਸ਼ਹਿਰ ਵਿੱਚ ਖੇਤੀਬਾੜੀ, ਉਦਯੋਗਿਕ, ਵਪਾਰਕ ਅਤੇ ਪਰਚੂਨ ਖੇਤਰਾਂ ਦਾ ਇੱਕ ਦਿਲਚਸਪ ਮਿਸ਼੍ਰਣ ਮੌਜੂਦ ਹੈ। ਇਸ ਵਿੱਚ 8 ਵਿੰਗ/ਸੀ.ਐੱਫ਼.ਬੀ. ਟਰੈਂਟਨ (8 Wing/CFB Trenton) ਵੀ ਸ਼ਾਮਲ ਹੈ ਜੋ ਕੈਨੇਡੀਅਨ ਹਵਾਈ ਫੌਜ ਦਾ ਸਭ ਤੋਂ ਵੱਡਾ ਅੱਡਾ ਅਤੇ ਬੇਅ ਆਫ਼ ਕੁਇੰਟੀ ਖੇਤਰ ਦਾ ਸਭ ਤੋਂ ਵੱਡਾ ਰੁਜ਼ਗਾਰਦਾਤਾ ਹੈ ਜਿਸ ਨਾਲ ਸਿਟੀ ਆਫ਼ ਕੁਇੰਟੀ ਵੈਸਟ ਬੜਾ ਸ਼ਾਨਦਾਰ ਸਹਿਯੋਗ ਕਾਇਮ ਰੱਖਦਾ ਹੈ।
ਜਨਤਕ ਸਹੂਲਤਾਂ, ਪਾਰਕਾਂ, ਪਗਡੰਡੀਆਂ ਅਤੇ ਖੇਡ ਮੈਦਾਨਾਂ ਦੀ ਇੱਕ ਖੁੱਲੀ ਜ਼ੱਦ ਸਾਡੇ ਨਗਰ ਦਾ ਧੁਰਾ ਹੈ ਅਤੇ ਇੱਥੇ ਮੁਕਾਬਲੇਦਾਰ ਅਤੇ ਗ਼ੈਰ-ਮੁਕਾਬਲੇਦਾਰ, ਦੋਵੇਂ ਤਰ੍ਹਾਂ ਦੀਆਂ ਖੇਡਾਂ ਦੀ ਮੇਜ਼ਬਾਨੀ ਹੁੰਦੀ ਹੈ। ਨਗਰ ਪ੍ਰਸ਼ਾਸਨ ਦੀ ਅਗਵਾਈ ਵਿੱਚ ਅਨੇਕਾਂ ਹੀ ਨਾਗਰਿਕ ਤਿਉਹਾਰ ਅਤੇ ਸਮਾਗਮ ਹਰ ਸਾਲ ਕਰਵਾਏ ਜਾਂਦੇ ਹਨ। ਕੈਨੇਡਾ ਦੀ ਹਵਾਈ ਫੌਜ ਦਾ ਕੌਮੀ ਅਜਾਇਬਘਰ, ਨਗਰ ਪ੍ਰਸ਼ਾਸਨ ਦੀ ਨਵੀਂ ਟਰੈਂਟ ਪੋਰਟ ਲੰਗਰਗਾਹ, ਅਤੇ ਬਟਾਵਾ ਸਕੀਅ ਹਿੱਲ ਵਰਗੇ ਆਕਰਸ਼ਣ ਕੁਇੰਟੀ ਵੈਸਟ ਨੂੰ ਚਾਰ ਦੀਆਂ ਚਾਰ ਰੁੱਤਾਂ ਵਿੱਚ ਇੱਕ ਕੁਦਰਤੀ ਆਕਰਸ਼ਣ ਬਣਾਉਂਦੇ ਹਨ।

ਪ੍ਰਿੰਸ ਐਡਵਰਡ ਕਾਊਂਟੀ (Prince Edward County)

ਪ੍ਰਿੰਸ ਐਡਵਰਡ ਕਾਊਂਟੀ ਆਲਮੀ ਪੱਧਰ ਦੀਆਂ ਅਨੇਕਾਂ ਵਾਈਨਰੀਆਂ ਅਤੇ ਸ਼ਰਾਬ ਦੇ ਦਸਤਕਾਰੀ ਕਾਰਖਾਨਿਆਂ ਦਾ ਘਰ ਹੈ ਅਤੇ ਗਰਮੀਆਂ ਦੇ ਮਹੀਨਿਆਂ ਵਿੱਚ ਲੱਖਾਂ ਹੀ ਸੈਲਾਨੀ ਇਸ ਖੇਤਰ ਵਿੱਚ ਸੈਂਡਬੈਂਕਸ ਬੀਚ ਅਤੇ ਖੇਤਰ ਦੇ ਸਿਰਕੱਢਵੇਂ ਗੌਲਫ ਕੋਰਸਾਂ ਦਾ ਆਨੰਦ ਮਾਨਣ ਹੁਮ-ਹੁਮਾ ਕੇ ਪੁੱਜਦੇ ਹਨ।

ਇਸ ਕਾਊਂਟੀ ਦੀ ਆਬਾਦੀ 25,000 ਹੈ ਅਤੇ ਵੱਡੇ ਮਹਾਨਗਰ ਖੇਤਰਾਂ ਦੇ ਨਿਵਾਸੀਆਂ ਲਈ ਇਹ ਸਾਰਾ ਸਾਲ ਚਲਦੀ ਇੱਕ ਸੈਲਾਨੀ ਮੰਜ਼ਿਲ ਬਣ ਗਈ ਹੈ।

ਕਾਊਂਟੀ ਵਿੱਚ ਪਿਕਟਨ, ਵੈਲਿੰਗਟਨ, ਬਲੂਮਫੀਲਡ, ਕੈਰੀਇੰਗ ਪਲੇਸ ਅਤੇ ਕੌਂਸੀਕੌਨ ਪਿੰਡ ਸ਼ਾਮਲ ਹਨ।

ਰੁਜ਼ਗਾਰ

ਬੇਅ ਆਫ਼ ਕੁਇੰਟੀ ਖੇਤਰ ਵਿਚਲਾ ਕਰਮਚਾਰੀ-ਦਲ ਸਾਡੀ ਆਬਾਦੀ ਜਿੰਨ੍ਹਾ ਹੀ ਭਿੰਨਤਾ-ਭਰਪੂਰ ਹੈ। ਭਾਵੇਂ ਤੁਹਾਡੇ ਕੋਲ ਕੋਈ ਵੀ ਹੁਨਰ ਹੋਣ, ਬੇਅ ਆਫ਼ ਕੁਇੰਟੀ ਖੇਤਰ ਵਿੱਚ ਇਨ੍ਹਾਂ ਨੂੰ ਵਰਤ ਸਕਣ ਵਾਲੇ ਰੁਜ਼ਗਾਰਦਾਤਾ ਤੁਹਾਨੂੰ ਮਿਲ ਜਾਣਗੇ।

ਅਸੀਂ ਸਮਝਦੇ ਹਾਂ ਕਿ ਕੈਨੇਡਾ ਪਰਵਾਸ ਕਰਨ ਤੋਂ ਬਾਅਦ ਤੁਹਾਡੀਆਂ ਸਭ ਤੋਂ ਪਹਿਲੀਆਂ ਤਰਜੀਹਾਂ ਵਿੱਚ ਇੱਕ ਰੁਜ਼ਗਾਰ ਲੱਭਣਾ ਹੁੰਦੀ ਹੈ। ਜਦੋਂ ਤੁਸੀਂ ਬੇਅ ਆਫ਼ ਕੁਇੰਟੀ ਖੇਤਰ ਵਿੱਚ ਵਸਦੇ ਹੋਵੋਂ, ਤਾਂ ਤੁਸੀਂ ਉਦਯੋਗਿਕ, ਕਾਰਖਾਨੇਦਾਰੀ, ਖੇਤੀਬਾੜੀ, ਪਰਚੂਨ, ਉਸਾਰੀ, ਵਿੱਤ, ਸਿਹਤ, ਸਿੱਖਿਆ ਖੇਤਰਾਂ, ਅਤੇ ਹੋਟਲ ਅਤੇ ਰੈਸਟੋਰੈਂਟ ਉਦਯੋਗਾਂ ਸਮੇਤ ਸੇਵਾਵਾਂ ਵਰਗੇ ਅਨੇਕਾਂ ਰੁਜ਼ਗਾਰ ਖੇਤਰਾਂ ਵਿੱਚੋਂ ਆਪਣੀ ਲੋੜ ਦਾ ਖੇਤਰ ਚੁਣ ਸਕਦੇ ਹੋ।

ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਵੀ ਇਹ ਇੱਕ ਸ਼ਾਨਦਾਰ ਜਗ੍ਹਾ ਹੈ। ਨਵੇਂ ਕਾਰੋਬਾਰਾਂ ਦੇ ਮਾਲਕਾਂ ਨੂੰ ਕੰਮ ਸ਼ੁਰੂ ਕਰਨ ਅਤੇ ਕਾਮਯਾਬ ਹੋਣ ਵਿੱਚ ਮਦਦ ਦੇਣ ਲਈ Trenval (ਟਰੈਨਵਲ) ਅਤੇ Small Business Centre (ਛੋਟੇ ਕਾਰੋਬਾਰਾਂ ਲਈ ਅਦਾਰਾ) ਸਮੇਤ ਸਾਡੇ ਕੋਲ ਅਨੇਕਾਂ ਹੀ ਸਥਾਨਕ ਵਸੀਲੇ ਅਤੇ ਅਨੇਕ ਤਰ੍ਹਾਂ ਦੀਆਂ ਮੌਕੇ 'ਤੇ ਮੌਜੂਦ ਥਾਵਾਂ ਹਨ

ਜੇ ਤੁਸੀਂ ਹਾਲੇ ਕਰਮਚਾਰੀ-ਦਲ ਵਿੱਚ ਦਾਖਲ ਹੋਣ ਲਈ ਹਾਲੇ ਤਿਆਰ ਨਾ ਹੋਵੋਂ ਤਾਂ ਨਵੇਂ ਕੈਨੇਡਾ-ਵਾਸੀਆਂ ਲਈ ਸਥਾਨਕ ਸਿੱਖਿਆ ਦੇ ਅਤੇ ਸਿਖਲਾਈ ਦੇ ਅਨੇਕਾਂ ਪ੍ਰੋਗਰਾਮ ਮੌਜੂਦ ਹਨ ਜੋ ਤੁਹਾਨੂੰ ਰੁਜ਼ਗਾਰ ਲਈ ਤਿਆਰ ਕਰਨਗੇ। ਕਿਸੇ ਨਵੇਂ ਪੇਸ਼ੇਵਰ ਪੰਧ ਲਈ ਸਿਖਲਾਈ ਹਾਸਲ ਕਰਨ ਵਾਸਤੇ ਕਦੇ ਵੀ ਤੁਹਾਡੀ ਉਮਰ ਜ਼ਿਆਦਾ ਨਹੀਂ ਹੁੰਦੀ ਅਤੇ ਇਸ ਲਈ ਤੁਹਾਨੂੰ ਜੋ ਵੀ ਸਹਾਰਾ ਚਾਹੀਦਾ ਹੋਵੇ, ਸਾਡੇ ਕੋਲ ਮੌਜੂਦ ਹੋਵੇਗਾ।

ਬੇਅ ਆਫ਼ ਕੁਇੰਟੀ ਖੇਤਰ ਵਿੱਚ ਔਸਤ ਤਨਖਾਹਾਂ
(ਸ੍ਰੋਤ: living.bayofquinte.ca)
ਮੈਨੇਜਮੈਂਟ ਬਿਜ਼ਨੈਸ, ਵਿੱਤ ਅਤੇ ਪ੍ਰਬੰਧਨ: $17.66
ਸਿਹਤ ਸੇਵਾਵਾਂ: $22.73
ਸੇਲਜ਼ ਅਤੇ ਸਰਵਿਸ: $11.74
ਕਿੱਤੇ ਜਾਂ ਟਰੇਡਜ਼, ਟਰਾਂਸਪੋਰਟ ਅਤੇ ਮਸ਼ੀਨਾਂ ਦੇ ਆਪ੍ਰੇਟਰ: $20.87
ਬੁਨਿਆਦੀ ਉਦਯੋਗ: $12.45
ਪ੍ਰਾਸੈਸਿੰਗ, ਕਾਰਖਾਨੇਦਾਰੀ ਅਤੇ ਯੁਟਿਲਿਟੀਆਂ: $15.68

ਖੇਡਣਾ-ਕੁੱਦਣਾ

ਬੇਅ ਆਫ਼ ਕੁਇੰਟੀ ਖੇਤਰ ਸ਼ਾਨਦਾਰ ਜਗ੍ਹਾ ਹੋਣ ਦੇ ਅਨੇਕਾਂ ਕਾਰਣ ਹਨ ਪਰ ਸਭ ਤੋਂ ਚੰਗਾ ਕਾਰਣ ਹੈ …ਅਸੀਂ ਮੌਜ-ਮਸਤੀ ਬਹੁਤ ਪਸੰਦ ਕਰਦੇ ਹਾਂ!

ਗਰਮੀਆਂ ਦੇ ਮਹੀਨਿਆਂ ਦੌਰਾਨ ਤੁਸੀਂ ਅਨੇਕਾਂ ਪਾਰਕਾਂ ਦਾ, ਪਗਡੰਡੀਆਂ 'ਤੇ ਤੁਰ ਕੇ ਜਾਂ ਸਾਈਕਲ ਚਲਾ ਕੇ, ਸਾਡੇ ਐਂਫੀਥਿਏਟਰਾਂ ਵਿੱਚ ਖੁੱਲ੍ਹੇ ਆਸਮਾਨ ਥੱਲੇ ਮਨੋਰੰਜਨ ਕਰ ਕੇ, ਅਤੇ ਆਪਣੇ ਕੁੱਤਿਆਂ ਨੂੰ ਬੈੱਲਵਿਲ ਦੇ ਜ਼ਵਿੱਕਸ ਪਾਰਕ ਵਿੱਚ ਲੈਜਾ ਕੇ ਆਨੰਦ ਮਾਣ ਸਕਦੇ ਹੋ। ਗਰਮੀਆਂ ਵਿੱਚ ਵਾਟਰਫਰੰਟ ਐਂਡ ਐਥਨਿਕ ਫੈਸਟੀਵਲ, ਰਿਬਫੈਸਟ, ਸਕੌਟਿਸ਼-ਆਇਰਿਸ਼ ਫੈਸਟੀਵਲ, ਕੁਇੰਟੀ ਐਕਜ਼ੀਬਿਸ਼ਨ ਅਤੇ ਹੋਰ ਬਾਹਰੀ ਸਮਾਗਮਾਂ ਸਮੇਤ ਅਸੀਂ ਅਨੇਕਾਂ ਸ਼ਾਨਦਾਰ ਦਰੋਂ ਬਾਹਰ ਦੇ ਸਮਾਗਮ ਆਯੋਜਿਤ ਕਰਦੇ ਹਾਂ।

ਅਸੀਂ ਪਾਣੀ ਦੀਆਂ ਖੇਡਾਂ ਵੀ ਖੂਬ ਪਸੰਦ ਕਰਦੇ ਹਨ। ਬੇਅ ਆਫ਼ ਕੁਇੰਟੀ, ਟਰੈਂਟ ਦਰਿਆ ਅਤੇ ਸਾਡੇ ਖੇਤਰ ਦੀਆਂ ਹੋਰ ਅਨੇਕਾਂ ਝੀਲਾਂ ਮੱਛੀਆਂ ਫੜ੍ਹਨ, ਕਿਸ਼ਤੀਆਂ ਚਲਾਉਣ, ਪਤਵਾਰਦਾਰ ਕਿਸ਼ਤੀਆਂ ਠਿੱਲਣ, ਜੈੱਟ-ਸਕੀਇੰਗ, ਵਾਟਰ ਸਕੀਇੰਗ ਅਤੇ ਹੋਰ ਬਹੁਤ ਕੁੱਝ ਸਮੇਤ ਪਾਣੀ ਦੀਆਂ ਖੇਡਾਂ ਖੇਡਣ ਦਾ ਸਾਨੂੰ ਸ਼ਾਨਦਾਰ ਮੌਕਾ ਪ੍ਰਦਾਨ ਕਰਦੇ ਹਨ। ਸਾਡੇ ਕੋਲ ਖੂਬਸੂਰਤ ਬੰਦਰਗਾਹਾਂ ਹਨ ਜਿਨ੍ਹਾਂ ਵਿੱਚ ਕੁਇੰਟੀ ਵੈਸਟ ਵਿੱਚ ਬਿਲਕੁਲ ਨਵੀਂ ਟਰੈਂਟ ਪੋਰਟ ਲੰਗਰਗਾਹ ਵੀ ਹੈ।

ਠੰਢ ਦੇ ਮਹੀਨਿਆਂ ਵਿੱਚ ਵੀ ਬਾਹਰ ਖੇਡਣਾ ਪਸੰਦ ਕਰਦੇ ਹਾਂ। ਸਾਡੇ ਕੋਲ ਬਾਹਰੀ ਸਕੇਟਿੰਗ ਰਿੰਕ, ਟੋਬੌਗਨਿੰਗ ਹਿੱਲਾਂ, ਸਕੀਇੰਗ ਅਤੇ ਬਟਾਵਾ ਵਿਖੇ ਸਨੋਅਬੋਰਡਿੰਗ ਦੀਆਂ ਸਹੂਲਤਾਂ ਮੌਜੂਦ ਹਨ। ਨਵੰਬਰ ਵਿੱਚ ਸਾਡੇ ਸਾਰੇ ਨਗਰਾਂ ਵਿੱਚ ਸੈਂਟਾ ਕਲਾਜ਼ ਪਰੇਡਾਂ ਹੋਣ ਨਾਲ ਸਾਨੂੰ ਸਭਨਾਂ ਨੂੰ ਛੁੱਟੀਆਂ ਵਾਲਾ ਚਾਅ ਚੜ੍ਹ ਜਾਂਦਾ ਹੈ ਅਤੇ ਕੁਇੰਟੀ ਵੈਸਟ ਅਤੇ ਬੈੱਲਵਿਲ, ਦੋਵਾਂ ਵਿੱਚ ਤਿਉਹਾਰਾਂ ਦੀ ਰੁੱਤ ਵਿੱਚ ਨਗਰ ਪਾਲਿਕਾਵਾਂ ਵੱਲੋਂ ਲਾਈਟਾਂ ਦੀ ਸਿਰਕੱਢਵੀ ਨੁਮਾਇਸ਼ ਕੀਤੀ ਜਾਂਦੀ ਹੈ।

ਤੁਹਾਡੇ ਆਨੰਦ ਲੈਣ ਲਈ ਅਸੀਂ ਮਨਪ੍ਰਚਾਵੇ ਦਾ ਬਹੁਤ ਸਾਰਾ ਅੰਦਰੂਨੀ ਪ੍ਰਬੰਧ ਵੀ ਕੀਤਾ ਹੋਇਆ ਹੈ। ਡਾਊਨਟਾਊਨ ਬੈੱਲਵਿਲ ਵਿਚਲੇ ਐਂਪਾਇਰ ਥਿਏਟਰ ਵਿੱਚ ਆਲਮੀ-ਪੱਧਰ ਦੇ ਸੰਗੀਤਕਾਰਾਂ, ਹਾਸ-ਰਸ ਕਲਾਕਾਰਾਂ ਅਤੇ ਹੋਰ ਅਦਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਪੂਰਾ ਕੈਲੰਡਰ ਮੌਜੂਦ ਹੈ। ਡਾਊਨਟਾਊਨ ਪਿਕਟਨ ਦਾ ਰੀਜੈਂਟ ਥਿਏਟਰ ਵੀ ਅਨੇਕਾਂ ਸਜੀਵ ਸਮਾਗਮਾਂ ਦਾ ਆਯੋਜਨ ਕਰਦਾ ਹੈ। ਸਾਡੇ ਇਲਾਕੇ ਵਿੱਚ ਅਨੇਕਾਂ ਹੀ ਸਿਨੇਮਾ ਹਾਲ ਹਨ ਅਤੇ ਬਾਊਲਿੰਗ, "ਰੌਕ-ਵਾਲ ਕਲਾਈਂਬਿੰਗ" ਅਤੇ ਇਨਡੋਰ ਸਕੇਟਿੰਗ ਵਰਗੀਆਂ ਅਨੇਕਾਂ ਬਾਹਰੀ ਸਰਗਰਮੀਆਂ ਮੌਜੂਦ ਹਨ।

ਸਿੱਖਣਾ

ਬੇਅ ਆਫ਼ ਕੁਇੰਟੀ ਵਿੱਚ ਨਵੇਂ ਆਉਣ ਵਾਲਿਆਂ ਲਈ ਸਿੱਖਿਆ ਦੇ ਅਨੇਕਾਂ ਮੌਕੇ ਮੌਜੂਦ ਹਨ।

ਐਲੀਮੈਂਟਰੀ ਸਕੂਲ ਦੀ ਉਮਰ (5-14) ਤਕ ਦੇ ਬੱਚਿਆਂ ਲਈ ਸਾਡੇ ਦੋ ਸਕੂਲ ਬੋਰਡ ਹਨ - ਹੇਸਟਿੰਗਜ਼ ਅਤੇ ਪ੍ਰਿੰਸ ਐਡਵਰਡ ਡਿਸਟ੍ਰਿਕਟ ਸਕੂਲ ਬੋਰਡ ਸਾਡੀ ਪਬਲਿਕ ਐਲੀਮੈਂਟਰੀ ਸਕੂਲ ਪ੍ਰਣਾਲੀ ਹੈ ਅਤੇ ਐਲਗੌਂਕੁਇਨ ਅਤੇ ਲੇਕਸ਼ੋਰ ਕੈਥਲਿਕ ਡਿਸਟ੍ਰਿਕਟ ਸਕੂਲ ਬੋਰਡ ਸਾਡੀ ਕੈਥਲਿਕ ਸਕੂਲ ਪ੍ਰਣਾਲੀ ਹੈ।

ਸੈਕੰਡਰੀ ਸਕੂਲ ਦੀ ਉਮਰ (14-18) ਦੇ ਵਿਦਿਆਰਥੀਆਂ ਲਈ ਅਨੇਕਾਂ ਹੀ ਪਬਲਿਕ ਅਤੇ ਕੈਥਲਿਕ ਹਾਈ ਸਕੂਲ ਉਪਲਬਧ ਹਨ।

ਲਾਇਲਿਸਟ ਕਾਲਿਜ ਬੈੱਲਵਿਲ ਅਤੇ ਕੁਇੰਟੀ ਵੈਸਟ ਦੇ ਐਨ ਵਿਚਕਾਰ ਸਥਿਤ ਹੈ ਅਤੇ ਸੈਕੰਡਰੀ ਤੋਂ ਬਾਅਦ ਦੀ ਅਤੇ ਜਾਰੀ ਰਹਿਣ ਵਾਲੀ ਸਿੱਖਿਆ ਦੇ 60 ਤੋਂ ਵੀ ਵਧੇਰੇ ਰੁਜ਼ਗਾਰ-ਮੁਖੀ ਕੋਰਸ ਪੇਸ਼ ਕਰਦਾ ਹੈ।

ਕੁਇੰਟੀ ਇਮੀਗ੍ਰੇਸ਼ਨ ਸਰਵਿਸਿਜ਼ (QUIS) ਨਵੇਂ ਆਉਣ ਵਾਲੇ ਕੈਨੇਡਾ ਵਾਸੀਆਂ ਲਈ ਬੈੱਲਵਿਲ ਦੇ ਆਪਣੇ ਲੋਯੋਲਾ ਸਕੂਲ ਆਫ਼ ਐਡਲਟ ਐਂਡ ਕੰਟੀਨਿਊਇੰਗ ਐਜੂਕੇਸ਼ਨ ਰਾਹੀਂ ਦੂਜੀ ਭਾਸ਼ਾ ਵਜੋਂ ਅੰਗਰੇਜ਼ੀ ਪੜ੍ਹਨ ਦੇ ਪ੍ਰੋਗਰਾਮ ਪੇਸ਼ ਕਰਦੇ ਹਨ। ਪਾਤਰ ਮੁਵੱਕਲਾਂ ਲਈ ਇਹ ਪ੍ਰੋਗਰਾਮ ਮੁਫ਼ਤ ਹੁੰਦਾ ਹੈ ਅਤੇ ਨਵੇਂ ਆਉਣ ਵਾਲਿਆਂ ਨੂੰ ਅੰਗਰੇਜ਼ੀ ਦੇ ਨਾਲ-ਨਾਲ ਕੈਨੇਡੀਅਨ ਸੱਭਿਆਚਾਰ ਅਤੇ ਰਵਾਇਤਾਂ ਬਾਰੇ ਸਿੱਖਣ ਵਿੱਚ ਵੀ ਸਹਾਇਆ ਦਿੰਦਾ ਹੈ।

ਅਕਾਦਮਿਕ ਯੋਗਤਾਵਾਂ ਦਾ ਮੁੱਲਾਂਕਣ

ਜੇ ਤੁਸੀਂ ਨਵੇਂ ਆਏ ਹੋ ਅਤੇ ਕੈਨੇਡਾ ਵਿੱਚ ਰੁਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹੋ ਸਕਦਾ ਹੈ ਤੁਹਾਨੂੰ “Educational Credential Assessment” (ਵਿੱਦਿਅਕ ਯੋਗਤਾਵਾਂ ਦਾ ਮੁੱਲਾਂਕਣ) ਜਾਂ ਕਈ ਵਾਰ ਜਿਸ ਨੂੰ “Academic Credential Assessment” (ਅਕਾਦਮਿਕ ਯੋਗਤਾਵਾਂ ਦਾ ਮੁੱਲਾਂਕਣ) ਵੀ ਕਿਹਾ ਜਾਂਦਾ ਹੈ, ਕਰਾਉਣਾ ਪਵੇ।
ਜੇ ਤੁਹਾਡੀ ਪੜ੍ਹਾਈ ਕੈਨੇਡਾ ਤੋਂ ਬਾਹਰ ਕਿਸੇ ਦੇਸ਼ ਵਿੱਚ ਹੋਈ ਹੈ ਤਾਂ ਹੋ ਸਕਦਾ ਹੈ ਤੁਹਾਨੂੰ ਆਪਣੇ ਹਾਈ ਸਕੂਲ, ਕਾਲਿਜ ਜਾਂ ਯੂਨੀਵਰਸਿਟੀ ਦੇ ਡਿਪਲੋਮੇ ਜਾਂ ਡਿਗਰੀ ਦਾ ਮੁਕਾਬਲਾ ਕੈਨੇਡਾ ਦੇ ਮਾਣਕਾਂ ਨਾਲ ਕਰਵਾਉਣਾ ਪਵੇ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕੀ ਇਹ ਕਿਸੇ ਕੈਨੇਡੀਅਨ ਡਿਪਲੋਮੇ ਜਾਂ ਡਿਗਰੀ ਦੇ ਬਰਾਬਰ ਹੈ। ਇਸ ਕਾਰਵਾਈ ਲਈ ਤੁਹਾਨੂੰ ਫੀਸ ਦੇਣੀ ਪੈ ਸਕਦੀ ਹੈ ਅਤੇ ਅਨੇਕਾਂ ਅਲੱਗ-ਅਲੱਗ ਏਜੰਸੀਆਂ ਹਨ ਜਿਹੜੀਆਂ Educational Credential Assessments (ECA) [ਵਿਦਿਅਕ ਯੋਗਤਾਵਾਂ ਦਾ ਮੁੱਲਾਂਕਣ (ਈ.ਸੀ.ਏ.)] ਕਰਦੀਆਂ ਹਨ।

ਜੇ ਤੁਸੀਂ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਰਾਹੀਂ ਪੱਕੇ ਨਿਵਾਸੀ ਬਣਨਾ ਚਾਹੁੰਦੇ ਹੋਵੋਂ ਤਾਂ ਵੱਧ ਸੰਭਾਵਨਾ ਇਹੋ ਹੋਵੇਗੀ ਕਿ ਤੁਹਾਨੂੰ ਪ੍ਰੋਗਰਾਮ ਵਿੱਚ ਅਰਜ਼ੀ ਦੇਣ ਦੇ ਸੱਦੇ ਲਈ ਵਿਦਿਅਕ ਯੋਗਤਾਵਾਂ ਦਾ ਮੁੱਲਾਂਕਣ (ਈ.ਸੀ.ਏ.) ਕਰਾਉਣਾ ਪਵੇਗਾ।

ਕੈਨੇਡਾ ਦਾ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮਹਿਕਮਾ ਸਿਰਫ ਕੁੱਝ ਖਾਸ ਏਜੰਸੀਆਂ ਵੱਲੋਂ ਕੀਤੇ ਗਏ ਈ.ਸੀ.ਏ. ਫਾਰਮ ਹੀ ਮਨਜ਼ੂਰ ਕਰੇਗਾ, ਇਸ ਲਈ ਜੇ ਤੁਹਾਨੂੰ ਪਤਾ ਨਾ ਹੋਵੇ ਕਿ ਈ.ਸੀ.ਏ. ਕਿਵੇਂ ਕਰਾਉਣਾ ਹੈ ਤਾਂ ਥੀੰ ਨਾਲ ਸੰਪਰਕ ਕਰਨਾ ਯਕੀਨੀ ਬਣਾਓ। ਨਾਲ ਹੀ, ਜੇ ਤੁਸੀਂ ਕਈ ਪੇਸ਼ੇਵਰ ਖੇਤਰਾਂ, ਜਿਸ ਤਰ੍ਹਾਂ ਨਰਸਿੰਗ, ਅਧਿਆਪਨ, ਫਾਰਮੇਸੀ ਜਾਂ ਹੋਰ ਮੈਡੀਕਲ ਖੇਤਰਾਂ ਵਿੱਚ ਰੁਜ਼ਗਾਰ ਹਾਸਲ ਕਰਨ ਲਈ ਈ.ਸੀ.ਏ. ਲਈ ਦਰਖਾਸਤ ਦੇ ਰਹੇ ਹੋਵੋਂ ਤਾਂ ਹੋ ਸਕਦਾ ਹੈ ਤੁਹਾਨੂੰ ਈ.ਸੀ.ਏ. ਕਰਾਉਣ ਲਈ ਸੰਬੰਧਤ ਪੇਸ਼ੇ ਦੀ ਸੰਸਥਾ ਰਾਹੀਂ ਦਰਖਾਸਤ ਦੇਣੀ ਪਵੇ।

ਵਧੇਰੇ ਜਾਣਕਾਰੀ ਲਈ QUIS ਵਿਖੇ ਸਾਨੂੰ ਫ਼ੋਨ ਕਰੋ।

ਆਉਣ ਤੋਂ ਪਹਿਲਾਂ

ਬੇਅ ਆਫ਼ ਕੁਇੰਟੀ ਖੇਤਰ ਵਿੱਚ ਪਰਵਾਸ ਕਰਨਾ ਉਨ੍ਹਾਂ ਬੇਹੱਦ ਅਹਿਮ ਫੈਸਲਿਆਂ ਵਿੱਚੋਂ ਇੱਕ ਹੋਵੇਗਾ ਜਿਹੜੇ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਲਈ ਕਰੋਂਗੇ।

ਅਸੀਂ ਆਪਣੇ ਭਾਈਚਾਰੇ ਵਿੱਚ ਤੁਹਾਡਾ ਸਵਾਗਤ ਕਰਨ ਦੀ ਤਾਂਘ ਰੱਖਦੇ ਹਾਂ ਪਰ ਇਸ ਤੋਂ ਪਹਿਲਾਂ ਕਿ ਤੁਸੀਂ ਇੰਝ ਕਰੋਂ, ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਤੁਹਾਨੂੰ ਕੈਨੇਡਾ ਆਉਣ ਤੋਂ ਪਹਿਲਾਂ ਵਿਚਾਰ ਲੈਣੀਆਂ ਚਾਹੀਦੀਆਂ ਹਨ।

ਕੈਨੇਡਾ ਸਰਕਾਰ ਅਤੇ ਓਨਟੇਰੀਓ ਸੂਬੇ ਕੋਲ ਅਨੇਕਾਂ ਹੀ ਅਜਿਹੇ ਆਨਲਾਈਨ ਵਸੀਲੇ ਹਨ ਜਿਹੜੇ ਕੈਨੇਡਾ ਵਿੱਚ ਤੁਹਾਡੀ ਆਮਦ ਤੋਂ ਪਹਿਲਾਂ ਇਮੀਗ੍ਰੇਸ਼ਨ ਬਾਰੇ ਅਤੇ ਕੈਨੇਡਾ ਵਿੱਚ ਰਿਹਾਇਸ਼, ਸਿਹਤ ਸੰਭਾਲ, ਰੁਜ਼ਗਾਰ ਦੀ ਭਾਲ ਅਤੇ ਹੋਰ ਅਨੇਕਾਂ ਚੀਜ਼ਾਂ ਬਾਰੇ ਜ਼ਰੂਰੀ ਗੱਲਾਂ ਸਮਝਣ ਵਿੱਚ ਤੁਹਾਡੀ ਮਦਦ ਕਰਨਗੇ।

ਇੱਕ ਵਾਰ ਤੁਸੀਂ ਇੱਥੇ ਆ ਜਾਉਂ, ਅਦਾਰਾ ਕੁਇੰਟੀ ਇਮੀਗ੍ਰੇਸ਼ਨ (QUIS) ਤੁਹਾਡੀ ਜ਼ਿੰਦਗੀ ਨੂੰ ਕੈਨੇਡਾ ਵਿੱਚ ਤਬਦੀਲ ਕਰਨ ਵਿੱਚ ਸਹਾਈ ਪ੍ਰੋਗਰਾਮ ਅਤੇ ਸੇਵਾਵਾਂ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰੇਗਾ।

ਤੁਹਾਡੇ ਆਉਣ ਤੋਂ ਬਾਅਦ

ਕੈਨੇਡਾ ਵਿੱਚ ਅਤੇ ਬੇਅ ਆਫ਼ ਕੁਇੰਟੀ ਦੇ ਖੂਬਸੂਰਤ ਖੇਤਰ ਵਿੱਚ ਤੁਹਾਡਾ ਸਵਾਗਤ ਹੈ!

ਤੁਹਾਡਾ ਇੱਥੇ ਸਵਾਗਤ ਕਰਨ ਦੀ ਸਾਨੂੰ ਹਾਰਦਿਕ ਖੁਸ਼ੀ ਹੈ ਅਤੇ ਅਸੀਂ ਇਹ ਗੱਲ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨਵੀਂ ਥਾਂ ਤੁਹਾਡਾ ਪਰਵਾਸ ਜਿੰਨਾ ਸੌਖਾ ਹੋ ਸਕੇ, ਕੀਤਾ ਜਾਵੇ।

ਤੁਹਾਨੂੰ ਇਸ ਭਾਈਚਾਰੇ ਬਾਰੇ ਜਾਣਨ ਵਿੱਚ ਮਦਦ ਦੇਣ ਲਈ ਇਹ ਵੈੱਬਸਾਈਟ ਵਿੱਚ ਬੜੇ ਸ਼ਾਨਦਾਰ ਸਾਧਨ ਭਰੇ ਪਏ ਹਨ।

ਅੱਗੇ ਕੁੱਝ ਹੋਰ ਸਾਧਨ ਦਿੱਤੇ ਗਏ ਹਨ ਜੋ ਤੁਹਾਨੂੰ ਕੈਨੇਡਾ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਮਦਦ ਦੇਣਗੇ:

Welcome to Canada ("ਕੈਨੇਡਾ ਵਿੱਚ ਸਵਾਗਤ") ਪ੍ਰਕਾਸ਼ਨ - http://www.cic.gc.ca/english/pdf/pub/welcome.pdf

ਇਸ ਵੈੱਬਸਾਈਟ www.settlement.org ਵਿਖੇ ਨਵੇਂ ਆਉਣ ਵਾਲਿਆਂ ਨੂੰ ਕੈਨੇਡਾ ਵਿੱਚ ਚੰਗੇਰੇ ਵਸੇਬੇ ਬਾਰੇ ਸਮਝਣ ਵਿੱਚ ਮਦਦ ਦੇਣ ਲਈ ਇੱਕ ਸੇਧ ਪੁਸਤਕ ਮੌਜੂਦ ਹੈ। ਇਹ ਹੁਣ ਇੰਟਰਨੈੱਟ ਉੱਤੇ 20 ਬੋਲੀਆਂ ਵਿੱਚ ਮੌਜੂਦ ਹੈ:
http://settlement.org/ontario/health/mental-health-and-addiction/stress/alone-in-canada-21-waysto-make-it-better-a-self-help-guide-for-single-newcomers

InMyLanguage.org ਵੈੱਬਸਾਈਟ 'ਤੇ ਓਨਟੇਰੀਓ, ਕੈਨੇਡਾ, ਵਿੱਚ ਨਵੇਂ ਆਉਣ ਵਾਲਿਆਂ ਲਈ ਅਨੇਕਾਂ ਬੋਲੀਆਂ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਸਭ ਅਨੁਵਾਦ ਸਰਟੀਫਾਈਡ ਅਨੁਵਾਦਕਾਂ ਵੱਲੋਂ ਕੀਤੇ ਗਏ ਹਨ। http://english.inmylanguage.org/

ਕੈਨੇਡਾ ਵਿੱਚ ਵਸਣ ਬਾਰੇ ਸੁਝਾਅ

ਤੁਸੀਂ ਕਿਸੇ ਵਜ੍ਹਾ ਕਰ ਕੇ ਕੈਨੇਡਾ ਆਏ ਹੋ ਅਤੇ ਸੰਭਾਵਨਾ ਹੈ ਕਿ ਇਹ ਕੋਈ ਸੌਖਾ ਫੈਸਲਾ ਨਹੀਂ ਸੀ। ਜੇ ਤੁਸੀਂ ਕੈਨੇਡਾ ਪਹੁੰਚ ਚੁੱਕੇ ਹੋ, ਤੁਸੀਂ ਆਪਣੇ ਟੀਚਿਆਂ ਅਤੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਮਲ ਆਰੰਭ ਕਰ ਲਿਆ ਹੈ।

ਜਦੋਂ ਤੁਸੀਂ ਉਡੀਕ ਦੇ ਲੰਮੇ ਸਮਿਆਂ, ਸੱਭਿਆਚਾਰਕ ਵਖਰੇਵਿਆਂ, ਮੌਸਮ, ਇਕੱਲੇਪਣ, ਕਾਗਜ਼ੀ ਕਾਰਵਾਈਆਂ, ਬੇਰੁਜ਼ਗਾਰੀ, ਬੋਲੀ ਦੀਆਂ ਮੁਸ਼ਕਲਾਂ ਜਾਂ ਹੋਰ ਚੁਣੌਤੀਆਂ ਤੋਂ ਤੰਗ ਆ ਜਾਉਂ ਜਾਂ ਉਦਾਸ ਹੋ ਜਾਉਂ ਤਾਂ ਇਹ ਯਾਦ ਰੱਖਣ ਦੀ ਕੋਸ਼ਿਸ਼ ਕਰੋ ਕਿ ਪਰਵਾਸ ਦਾ ਇਹ ਹਿੱਸਾ ਲਗਭਗ ਸਾਰੇ ਪਰਵਾਸੀਆਂ ਨੂੰ ਝੱਲਣਾ ਪਿਆ ਹੈ।

ਕਿਸੇ ਨਵੇਂ ਦੇਸ਼ ਵਿੱਚ ਰਹਿਣ ਵੇਲੇ ਪੇਸ਼ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿੱਚ ਮਦਦ ਲਈ ਅੱਗੇ ਕੁੱਝ ਸੁਝਾਅ ਦਿੱਤੇ ਜਾ ਰਹੇ ਹਨ:

1. ਆਸਵੰਦ ਰਹੋ (ਨਵੇਂ ਪਰਵਾਸੀਆਂ ਲਈ ਇੱਕ ਮੁੱਖ ਸੁਝਾਅ) ਕੈਨੇਡਾ ਆਉਣਾ, ਰੁਜ਼ਗਾਰ ਲੱਭਣਾ ਅਤੇ ਇੱਕ ਨਵੇਂ ਸਮਾਜ ਵਿੱਚ ਰਲਣਾ ਬੜਾ ਡਾਢਾ ਕੰਮ ਹੋ ਸਕਦਾ ਹੈ। ਜਿਹੜੇ ਲੋਕ ਆਪਣੇ ਨਵੇਂ ਤਜਰਬੇ ਬਾਰੇ ਆਸਵੰਦ ਰਹਿੰਦੇ ਹਨ ਜਾਂ ਇਸ ਨੂੰ ਇੱਕ ਜ਼ੋਖਮ ਵਾਲਾ ਕਾਰਨਾਮਾ ਮੰਨ ਕੇ ਚੱਲਦੇ ਹਨ, ਉਹ ਕੈਨੇਡਾ ਵਿੱਚ ਵਸਣ ਦੇ ਤਣਾਅ ਨਾਲ ਵਧੇਰੇ ਚੰਗੀ ਤਰ੍ਹਾਂ ਸਿੱਝ ਲੈਂਦੇ ਹਨ।

2. ਅੰਗਰੇਜ਼ੀ ਸਿੱਖੋ। ਅਨੇਕਾਂ ਨਵੇਂ ਪਰਵਾਸੀ ਅੰਗਰੇਜ਼ੀ ਬੋਲਦੇ ਹਨ ਪਰ ਉਨ੍ਹਾਂ ਨੂੰ ਦੂਜਿਆਂ ਨਾਲ ਗੱਲਬਾਤ ਕਰਨ ਅਤੇ ਕੈਨੇਡਾ ਵਿੱਚ ਰੁਜ਼ਗਾਰ ਵਾਲੀਆਂ ਥਾਵਾਂ ਵਿਖੇ ਚੰਗੇਰੀ ਕਾਰਗੁਜ਼ਾਰੀ ਦਿਖਾਉਣ ਲਈ ਆਪਣੀ ਅੰਗਰੇਜ਼ੀ ਕਾਮਲ ਬਣਾਉਣੀ ਪੈਂਦੀ ਹੈ। ਈ.ਐੱਸ.ਐੱਲ./ਲਿੰਕ ਕਲਾਸਾਂ ਲਾਉਣ ਤੋਂ ਇਲਾਵਾ ਆਪਣੀ ਅੰਗਰੇਜ਼ੀ ਸੁਧਾਰਨ ਲਈ ਮੂਲ ਰੂਪ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨਾਲ ਦੋਸਤੀ ਕਰੋ, ਜਾਂ ਕਿਸੇ ਸੰਬੰਧਤ ਗਰੁੱਪ ਵਿੱਚ ਸ਼ਾਮਲ ਹੋਵੋ।

3. ਕੈਨੇਡਾ ਨੂੰ ਅਪਣਾਓ। ਕੈਨੇਡਾ ਵਿੱਚ ਆਉਣ ਲਈ ਤੁਸੀਂ ਬਹੁਤ ਬੜਾ ਕਦਮ ਚੁੱਕਿਆ ਹੈ - ਆਪਣੇ ਨਵੇਂ ਮੁਲਕ ਦਾ ਹਿੱਸਾ ਬਣੋ ਅਤੇ ਇਸ ਬਾਰੇ ਜਿੰਨ੍ਹਾ ਵੀ ਜਾਣ ਸਕਦੇ ਹੋ, ਜਾਣੋ - ਭਾਵੇਂ ਇਹ ਖ਼ਬਰਾਂ ਹੋਣ, ਖੇਡਾਂ ਹੋਣ ਜਾਂ ਸਿਆਸਤ ਹੋਵੇ। ਹੁਣ ਇਹ ਤੁਹਾਡਾ ਦੇਸ਼ ਹੈ।

4. ਬਦਲ (“Plan B”) ਸੋਚ ਕੇ ਰੱਖੋ। ਹਰ ਕੋਈ ਕੈਨੇਡਾ ਵਿੱਚ ਇਹ ਸੋਚ ਕੇ ਆਉਂਦਾ ਹੈ ਕਿ ਉਸੇ ਹੀ ਪੇਸ਼ੇ ਵਿੱਚ ਕੰਮ ਕਰੇਗਾ ਜਿਸ ਵਿੱਚ ਉਹ ਆਪਣੇ ਮੂਲ ਮੁਲਕ ਵਿੱਚ ਕਰਦਾ ਸੀ। ਕੈਨੇਡਾ ਵਾਸੀ ਇਸ ਨੂੰ ਮੁੱਖ ਯੋਜਨਾ (“Plan A”) ਕਹਿੰਦੇ ਹਨ। ਇਹ ਗੱਲ ਪੱਕੀ ਕਰਨ ਲਈ ਕਿ ਤੁਸੀਂ ਕਾਮਯਾਬ ਹੋਵੋਂ, ਤੁਹਾਡੇ ਕੋਲ ਵਿਕਲਪ ਵਜੋਂ ਹੋਰ ਵੀ ਕੋਈ ਹੀਲਾ (“Plan B”) ਸੋਚਿਆ ਹੋਣਾ ਚਾਹੀਦਾ ਹੈ। ਇਸ ਹੀਲੇ ਦਾ ਮਤਲਬ ਹੈ ਕਿ ਜੇ ਕੈਨੇਡਾ ਵਿਚਲੇ ਆਪਣੇ ਮੁੱਖ ਟੀਚਿਆਂ ਵਿੱਚ ਕਾਮਯਾਬ ਨਾ ਹੋ ਸਕੇ ਤਾਂ ਤੁਸੀਂ ਕੀ ਕਰੋਂਗੇ। ਜ਼ੋਖਮ ਉਠਾਉਣ ਦੇ ਵਿਚਾਰਾਂ ਅਤੇ ਆਪਣੀਆਂ ਮੂਲ ਯੋਜਨਾਵਾਂ ਵਿੱਚ ਤਬਦੀਲੀ ਬਾਰੇ ਰਵੱਈਆ ਨਰਮ ਰੱਖੋ।

5. ਆਪਣੇ ਨਸਲੀ ਪਿਛੋਕੜ ਵਾਲੇ ਪਰਵਾਸੀਆਂ ਦੇ ਸਮੂਹ ਤੋਂ ਬਾਹਰ ਵੀ ਦੋਸਤ ਬਣਾਓ। ਸਭ ਤੋਂ ਚੰਗੇਰੀ ਤਰ੍ਹਾਂ ਉਹ ਪਰਵਾਸੀ ਕੈਨੇਡਾ ਦੇ ਰੁਜ਼ਗਾਰ-ਸਥਲਾਂ ਅਤੇ ਕੈਨੇਡਾ ਦੀ ਜ਼ਿੰਦਗੀ ਵਿੱਚ ਰਲਦੇ ਹਨ ਜਿਹੜੇ ਸਭਨਾਂ ਨਸਲੀ ਪਿਛੋਕੜਾਂ ਵਾਲੇ ਲੋਕਾਂ ਵਿੱਚੋਂ ਦੋਸਤ ਬਣਾਉਂਦੇ ਹਨ। ਕੈਨੇਡਾ ਬਹੁਤ ਹੀ ਬਹੁ-ਸੱਭਿਆਚਾਰਕ ਦੇਸ਼ ਹੈ। ਸਾਰੇ ਧਰਮਾਂ ਅਤੇ ਸੱਭਿਆਚਾਰਕ ਗਰੁੱਪਾਂ ਵਿੱਚੋਂ ਦੋਸਤ ਬਣਾਉਣ ਲਈ ਦਿਲ ਖੁੱਲ੍ਹਾ ਰੱਖੋ।

6. ਸਵੈ-ਸੇਵਾ, ਉਸਤਾਦਗੀ, ਨੈੱਟਵਰਕ - ਰੁਜ਼ਗਾਰ ਲੱਭਣ ਅਤੇ ਕੈਨੇਡਾ ਵਿੱਚ ਕਾਮਯਾਬ ਹੋਣ ਦਾ ਅਰਥ ਹੈ ਭਾਈਚਾਰੇ ਵਿੱਚ ਸ਼ਮੂਲੀਅਤ ਕਰਨਾ ਅਤੇ ਆਪਣੇ ਲਈ ਅਹਿਮ ਵੱਖ-ਵੱਖ ਪੇਸ਼ੇਵਰ ਜੱਥੇਬੰਦੀਆਂ, ਪਰਉਪਕਾਰੀ ਸੰਸਥਾਵਾਂ ਅਤੇ ਅਦਾਰਿਆਂ ਨਾਲ ਸਵੈ-ਸੇਵਾ ਕਰਨਾ। ਇਸ ਨਾਲ ਲੋਕਾਂ ਦਾ ਇੱਕ ਅਜਿਹਾ ਨੈੱਟਵਰਕ ਸਿਰਜਿਆ ਜਾਵੇਗਾ ਜੋ ਕੈਨੇਡਾ ਵਿੱਚ ਵਰਤਮਾਨ ਅਤੇ ਭਵਿੱਖ ਵਿੱਚ ਤੁਹਾਡੀ ਕਾਮਯਾਬੀ ਯਕੀਨੀ ਬਣਾਵੇਗਾ।